ਨਿਊਜੀਲੈਂਡ ਦੇ ਸਿੱਖਾਂ ਦਾ ਇੱਕ ਹੋਰ ਨਿਵੇਕਲਾ ਉਪਰਾਲਾ

ਫੂਡ ਦੇ ਨਾਲ ਨਾਲ ਹਜਾਰਾਂ ਕੰਬਲ ਵੰਡਣ ਦਾ ਐਲਾਨ
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਨਿਊਜ਼ੀਲੈਂਡ ‘ਚ ਲੌਕਡਾਊਨ ਦੌਰਾਨ ਦੇਸ਼ ਭਰ ‘ਚ ਹਜ਼ਾਰਾਂ ਲੋਕਾਂ ਤੱਕ ਫ਼ੂਡ ਬੈਗ ਪਹੁੰਚਾਉਣ ਲਈ ਵੱਡਾ ਹੰਭਲਾ ਮਾਰਨ ਵਾਲੀ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਨੇ ਅਗਲੇ ਪੱਧਰ ਦੀ ਸੇਵਾ ਕਰਨ ਲਈ ਮਨ ਬਣਾ ਲਿਆ ਹੈ। ਨਵੇਂ ਉਪਰਾਲੇ ਤਹਿਤ ਠੰਢ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਪਹਿਲੇ ਪੜਾਅ ‘ਚ ਵੱਡੀ ਗਿਣਤੀ ‘ਚ ਕੰਬਲ ਵੰਡਣ ਦਾ ਟੀਚਾ ਰੱਖਿਆ ਹੈ।
ਇਸ ਤੋਂ ਇਲਾਵਾ ਅਗਲੇ ਸਮੇਂ ਦੌਰਾਨ ਮਾਓਰੀ ਬੱਚਿਆਂ ਨੂੰ 5 ਹਜ਼ਾਰ ਸਪੋਰਟਸ ਬੂਟ ਵੰਡ ਦੀ ਵੀ ਯੋਜਨਾ ਹੈ।
ਸੁਸਾਇਟੀ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਸਾਇਟੀ ਦੇ ਮੈਂਬਰਾਂ ਵੱਲੋਂ 300 ਕੰਬਲਾਂ ਦਾ ਹਿੱਸਾ ਪਾਇਆ ਜਾ ਰਿਹਾ ਹੈ ਜਦੋਂਕਿ ਹੋਰ ਸਹਿਯੋਗੀਆਂ ਵੱਲੋਂ 700 ਕੰਬਲਾਂ ਦੀ ਸੇਵਾ ਲਈ ਗਈ ਹੈ। ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨਿਨੀ ‘ਚ ਪਹਿਲੇ ਪੜਾਅ ਦੌਰਾਨ ਹਜ਼ਾਰਾਂ ਦੀ ਗਿਣਤੀ ‘ਚ ਕੰਬਲ ਵੰਡੇ ਜਾਣ ਦਾ ਪ੍ਰੋਗਗਰਾਮ ਬਣਾਇਆ ਗਿਆ ਹੈ। ਸੰਗਤ ਨੂੰ ਹਰ ਘਰ ਤਰਫੋਂ 2-2 ਕੰਬਲਾਂ ਦੀ ਸੇਵਾ ਲੈਣ ਦੀ ਅਪੀਲ ਕੀਤੀ ਹੈ ਅਤੇ ਦੋ-ਦੋ ਕੰਬਲ ਖੁਦ ਖ੍ਰੀਦ ਕੇ ਗੁਰੂਘਰ ਪਹੁੰਚਾਅ ਸਕਦੇ ਹਨ। ਜੇ ਕੋਈ ਖੁਦ ਖ੍ਰੀਦ ਕੇ ਲਿਆਉਣ ਦੀ ਬਜਾਏ ਸੁਸਾਇਟੀ ਰਾਹੀਂ ਹੀ ਯੋਗਦਾਨ ਪਾਉਣਾ ਚਾਹੁੰਦਾ ਹੈ ਤਾਂ 25 ਡਾਲਰ ਪ੍ਰਤੀ ਕੰਬਲ ਦੇ ਹਿਸਾਬ ਨਾਲ ਦੋ ਕੰਬਲਾਂ ਦੇ $50 ਡਾਲਰ ਸੁਸਾਇਟੀ ਦੇ ਖਾਤੇ ‘ਚ (SSSNZ 02-0240-0022348-00) (Ref : Blanket Sewa) ਯੋਗਦਾਨ ਪਾ ਸਕਦਾ ਹੈ, ਕਿਉਂਕਿ ਸੁਸਾਇਟੀ ਨੇ ਵੱਡੇ ਪੱਧਰ ਤੇ ਆਰਡਰ ਬੁੱਕ ਕੀਤਾ ਹੋਇਆ ਹੈ ਤਾਂ ਇੱਕੋ ਵਾਰ ਹਜ਼ਾਰਾਂ ਕੰਬਲ ਖ੍ਰੀਦੇ ਜਾ ਸਕਣ।
ਘਰੋਂ ਦਿੱਤੇ ਜਾਣ ਵਾਲੇ ਕੰਬਲ ਬਿਲਕੁਲ ਨਵੇਂ (ਸੀਲਬੰਦ) ਹੋਣੇ ਚਾਹੀਦੇ ਹਨ ਕਿਉਂਕਿ ਕੋਵਿਡ-19 ਤਹਿਤ ਸਿਹਤ ਮਹਿਕਮੇ ਦੀਆਂ ਹਦਾਇਤਾਂ ਕਾਰਨ ਇਸਤੇਮਾਲ ਕੀਤੇ ਹੋਏ ਕੰਬਲ ਦਾਨ ਲਈ ਨਹੀਂ ਵਰਤੇ ਸਕਦੇ । ਜਿਸ ਕਰਕੇ ਇਸ ਗੱਲ ਦਾ ਵਿਸ਼ੇਸ਼ ਖਿਆਲ ਰੱਖਿਆ ਜਾਣਾ ਚਾਹੀਦਾ ਹੈ ਕਿ ਕੰਬਲ ਬਿਲਕੁਲ ਨਵੇਂ ਹੋਣ ਤੇ ਅਣਲੱਗ ਹੋਣ।
ਸੁਸਾਇਟੀ ਅਨੁਸਾਰ ਲੌਕਡਾਊਨ ਤੋਂ ਬਾਅਦ ਜਦੋਂ ਹਾਲਾਤ ਆਮ ਵਰਗੇ ਹੋ ਗਏ ਤਾਂ ਲੋੜਵੰਦ ਮਾਓਰੀ ਬੱਚਿਆਂ ਨੂੰ 5 ਹਜ਼ਾਰ ਸਪੋਰਟਸ ਬੂਟ ਵੰਡਣ ਬਾਰੇ ਵੀ ਭਾਈਚਾਰੇ ਦੇ ਸਹਿਯੋਗ ਨਾਲ ਯੋਜਨਾ ਬਣਾਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਜਦੋਂ ਦਾ ਨਿਊਜ਼ੀਲੈਂਡ ‘ਚ ਲੌਕਡਾਊਨ ਸ਼ੁਰੂ ਹੋਇਆ ਹੈ, ਉਸ ਤੋਂ ਸੁਸਾਇਟੀ ਵੱਲੋਂ ਜਿੱਥੇ ਹਰ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਟਾਕਾਨਿਨੀ ਗੁਰੂਘਰ ‘ਚ ਫ਼ੂਡ ਬੈਗ ਵੰਡੇ ਜਾ ਰਹੇ ਹਨ, ਉੱਥੇ ਕਈ ਲੋੜਵੰਦਾਂ ਨੂੰ ਘਰੋ-ਘਰੀਂ ਜਾ ਕੇ ਵੀ ਫ਼ੂਡ ਬੈਗ ਪਹੁੰਚਾਏ ਜਾ ਰਹੇ ਹਨ, ਜਿਸ ਲਈ ਸੇਵਾਦਾਰਾਂ ਵੱਲੋਂ ਬਹੁਤ ਉਤਸ਼ਾਹ ਨਾਲ ਕੰਮ ਕੀਤਾ ਜਾ ਰਿਹਾ ਹੈ। ਆਕਲੈਂਡ ‘ਚ ਹੁਣ ਤੱਕ 20 ਹਜ਼ਾਰ ਫੂਡ ਬੈਗ ਭਾਵ 80 ਹਜ਼ਾਰ ਲੋੜਵੰਦਾਂ ਤੱਕ ਫੂਡ ਬੈਗ ਪਹੁੰਚਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਆਕਲੈਂਡ ਤੋਂ ਬਾਹਰ ਵੀ ਵੱਖ-ਵੱਖ ਥਾਵਾਂ ‘ਤੇ ਲੋੜਵੰਦਾਂ ਤੱਕ ਫ਼ੂਡ ਪਹੁੰਚਾਉਣ ਲਈ ਕਈ ਕੈਂਪ ਲਾਏ ਜਾ ਚੁੱਕੇ ਹਨ ਅਤੇ ਇਹ ਸੇਵਾ ਨਿਰੰਤਰ ਚੱਲ ਰਹੀ ਹੈ।